ਗੁਰੂ ਨਾਨਕ ਦੀ ਧਰਤੀ ‘ਤੇ ਪਾਸਟਰਾਂ ਦੇ ਪੰਡਾਲ

ਬਾਬਾ ਨਾਨਕ ਦੇ ਬਰਾਬਰੀ ਦੇ ਸਿਧਾਂਤ ਲਾਗੂ ਨਾ ਹੋਣ ਕਾਰਨ ਪੰਜਾਬ ਦੇ ਦਲਿਤਾਂ ਦਾ ਦੂਜੇ ਧਰਮਾਂ ਵੱਲ ਰੁਖ

untitled design (3)

ਪੰਜਾਬ ਪੰਜਾਂ ਦਰਿਆਵਾਂ , ਪੀਰਾ ,ਫ਼ਕੀਰਾਂ, ਗੁਰੂਆਂ ਅਤੇ ਵੱਖ-ਵੱਖ ਧਰਮ ਨਸਲ ਜਾਤ  ਦੇ ਲੋਕਾਂ ਦਾ ਇੱਕ ਖਿੱਤਾ ਜੋ ਹਮੇਸ਼ਾ ਹੀ ਆਪਣੀ ਚੜ੍ਹਦੀ ਕਲਾ ਲਈ ਪਹਿਚਾਣਿਆ ਜਾਂਦਾ ਹੈ, ਇੱਥੋ ਦੇ ਮੌਸਮ ਰੁੱਤਾਂ ਮਿੱਟੀ ਦੇ ਸੁਬਾਹ ਵਿੱਚ ਵੀ ਬਗਾਵਤ ਹੈ । ਇਸ ਧਰਤੀ ਦੀ ਏਸੇ ਤਾਸੀਰ ਚੋਂ ਜਨਮੇ ਗੁਰੂ ਨਾਨਕ ਨੇ ਬਾਬਰ ਨੂੰ ਜਾਬਰ ਕਿਹਾ। ਇਸ ਤਰ੍ਹਾਂ ਦੀਆਂ ਤਕਰੀਰਾਂ ਪੰਜਾਬ ਲਈ ਅਕਸਰ ਕੀਤੀਆਂ ਜਾਂਦੀਆਂ ਹਨ।  ਪਰ ਕਦੇ ਕਿਸੇ ਨੇ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਵੱਲੋਂ ਸਿਰਜੀ ਬਰਾਬਰਤਾ ਦੀ ਗੱਲ ਕੀਤੀ। ਹਰ ਤਰ੍ਹਾ ਦੇ ਭੇਦਭਾਵ ਨੂੰ ਖ਼ਤਮ ਕਰਨ ਦੀ ਗੱਲ ਕੀਤੀ ਜਾਂ ਗੁਰੂ ਗੋਬਿੰਦ ਸਿੰਘ ਦੇ ਸਜਾਏ ਖ਼ਾਲਸਾ ਪੰਥ ਸਿਧਾਂਤ ਦੀ ਗੱਲ ਸ਼ਾਇਦ  ਹੀ ਕਦੇ ਕਿਸੇ ਨੇ ਕੀਤੀ ਹੋਵੇ । ਨਸਲੀ , ਜਾਤੀ ਭੇਦ ਭਾਵ ਤੇ ਹਮੇਸ਼ਾ ਸਾਡਾ ਜਵਾਬ ਇੱਕ ਹੀ ਹੁੰਦਾ ਹੈ, ਸਾਡੇ ਪੰਜਾਬ ਵਿੱਚ ਇਹ ਭੇਦ-ਭਾਵ ਕਿੱਥੇ ਹੈ ? ਜੇ ਹੈ ਵੀ ਤਾਂ ਉਹ ਕਿੰਨਾ ਘੱਟ ਹੈ , ਸਾਡੇ ਕੋਲ ਬਿਹਾਰ , ਹਰਿਆਣਾ , ਰਾਜਸਥਾਨ ਵਰਗੀਆਂ ਵੱਡੀਆਂ ਉਦਾਹਰਨਾਂ ਵੀ ਹੁੰਦੀਆ ਹਨ । ਇੱਥੇ ਸੋਚਣ ਦੀ ਗੱਲ ਇਹ ਹੈ ਕੀ ਉਹਨਾਂ ਕੋਲ ਵੀ ਕੋਈ ਗੁਰੂ ਨਾਨਕ ਸੀ ? ਸਾਡੇ ਕੋਲ ਤਾਂ ਸਾਡਾ ਬਾਬਾ ਪੰਜ ਸੌ ਸਾਲ ਤੋਂ ਕਹਿ ਰਿਹਾ ਹੈ , ਜੋ ਵੀ ਅਸੀਂ ਸੁਧਾਰ ਕੀਤਾ ਹੈ ਉਹ ਬਾਬੇ ਮੁਤਾਬਿਕ ਤਿਲ ਮਾਤਰ ਹੈ ।

ਪੰਜਾਬ ਵਿੱਚ ਧਰਮ ਸੰਬੰਧੀ ਬਹੁਤੀਆਂ ਸਮੱਸਿਆਵਾਂ ਦਾ ਕਾਰਨ ਕਿਤੇ ਨਾ ਕਿਤੇ ਜਾਤ ਹੀ ਹੈ, ਪੰਜਾਬ ਦਾ ਨਿਮਨ ਵਰਗ ਆਪਣੀ ਹੋਂਦ ਨੂੰ ਤਲਾਸਦਾ ਦਰ ਬ ਦਰ ਅੱਜ ਵੀ ਓਵੇ ਹੀ ਭਟਕ ਰਿਹਾ ਹੈ , ਕਦੇ ਉਹ  ਨਿਰੰਕਾਰੀ ਬਣ ਕੇ ਆਪਣਾ ਆਪ ਸਵਾਰਦਾ ਹੈ,  ਕਦੇ ਰਾਧਾ ਸਵਾਮੀ ਜਾਂ ਸਰਸੇ ਦਾ ਪ੍ਰਭਾਵ ਕਬੂਲ ਕਰ ਕੇ ਉਹਨਾਂ ਨੂੰ ਵਡਿਆਉਂਦਾ ਹੈ , ਇਸ ਸਭ ਦਾ ਸੰਬੰਧ ਤਾਂ ਫੇਰ ਵੀ ਕਿਤੇ ਨਾ ਕਿਤੇ ਸਿੱਖੀ ਅਤੇ ਪੰਜਾਬੀਅਤ ਨਾਲ ਹੈ। ਪਰ ਜੋ ਲੋਕ ਇਸ ਸਭ ਤੋ ਟੁੱਟ ਧਰਮ ਪਰਿਵਰਤਨ ਦਾ ਰਾਹ ਚੁਣਦੇ ਹਨ ਮੈਨੂੰ ਪ੍ਰਤੀਤ ਹੁੰਦਾ ਹੈ ਅਸੀਂ ਉਹਨਾਂ ਨੂੰ ਸਦਾ ਲਈ ਗਵਾ ਰਹੇ ਹਾਂ, ਮੈਂ ਜਿਆਦਾ ਡਾਟਾ ਦੇ ਚੱਕਰ ਵਿਚ ਨਾ ਪੈ ਕੇ ਗੱਲ ਨੂੰ ਜਿੰਨੀ ਸਰਲ ਹੋ ਸਕੇ ਰੱਖਣ ਦੀ ਕੋਸ਼ਿਸ਼ ਕਰਾਂਗਾ । ਸਾਡੇ ਹਰ ਖਿੱਤੇ ਵਿੱਚ ਪਹਿਲਾ ਕੋਈ ਸਹਿਰ ਦੀ ਨੁੱਕਰ ਮੋੜ ਤੇ ਇੱਕ ਅੱਧ ਚਰਚ ਹੁੰਦੀ ਸੀ ਹੁਣ ਤੁਹਾਨੂੰ ਇਹ ਪਿੰਡਾਂ ਵਿੱਚ , ਲਿੰਕ ਰੋਡਾਂ ਤੇ , ਚੰਗੇ ਵੱਡੇ ਪਿੰਡਾਂ ‘ਚ ਦੋ-ਦੋ ਦੇਖਣ ਨੂੰ ਮਿਲਦੀਆ ਹਨ । ਧਰਮ ਦੇ ਪ੍ਰਚਾਰ ਲਈ ਇਹਨਾਂ ਦਾ  ਸਿਸਟਮ ਕਮਾਲ ਦਾ ਹੈ, ਹਰ ਪਾਸਟਰ ਕੋਲ ਆਵਦੇ ਮਿੱਥੇ ਹੋਏ ਪਿੰਡ ਹਨ ‘ਤੇ ਪਿੰਡਾਂ ਵਿੱਚ ਮਿੱਥੇ ਹੋਏ ਘਰ, ਜੋ ਇੱਕ ਵਾਰ ਇਸ ਧਰਮ ਦਾ ਹੋ ਗਿਆ , ਉਹ ਕਿੱਤੋ ਲੈਕੇ ਪ੍ਰਸ਼ਾਦ ਨਹੀਂ ਖਾ ਸਕਦਾ,ਕਿੱਤੇ ਦੂਜੇ ਧਾਰਮਿਕ ਅਸਥਾਨ ‘ਤੇ ਜਾ ਨਹੀਂ ਸਕਦਾ, ਹਰ ਐਤਵਾਰ ਪ੍ਰਾਥਨਾ ਹੁੰਦੀ ਹੈ ਭਾਵ ਕਿ ਹਰ ਐਤਵਾਰ ਦਿਮਾਗ ਨਵੇਂ ਤਰੀਕੇ ਨਾਲ ਦੁਬਾਰਾ ਬੰਨਿਆ ਜਾਂਦਾ ਹੈ। ਇਹ ਜਾਲਾ ਮੱਕੜੀ ਦੇ ਵਾਂਗ ਇਹਨੀਆਂ ਪਰਤਾ ਬੁਣ ਲੈਂਦਾ ਹੈ ਕਿ ਫਸਣ ਵਾਲਾ ਜਾਲੇ ਨੂੰ ਹੀ ਸੰਸਾਰ ਸਮਝਣ ਲੱਗ ਜਾਂਦਾ ਹੈ। ਖੈਰ ਇਹ ਉਹਨਾਂ ਦਾ ਧਰਮ ਪ੍ਰਚਾਰ ਦਾ ਢੰਗ ਹੈ।

ਭਾਰਤ  ਵਿੱਚ ਹਰ ਧਰਮ ਦੇ ਕੁੱਝ ਆਪਣੇ ਰੀਤੀ ਰਿਵਾਜ਼ ਹਨ, ਹਰ ਧਰਮ ਵਿੱਚ ਮੂਰਤੀ ‘ਤੇ ਚਿੱਤਰ ਪੂਜਾ ਹੈ ,ਇਸਾਈ ਧਰਮ ਵੀ ਭਾਰਤ ਵਿੱਚ ਆਉਣ ਮਗਰੋਂ ਇਸ ਕੰਮ ਵਿੱਚ ਪਿੱਛੇ ਨਹੀਂ ਰਿਹਾ, ਸਟੇਜਾਂ ਤੇ ਸਿਰ ਘੁੰਮਣ, ਭੀੜ ਵਿੱਚੋ ਲੋਕਾਂ ਦੇ ਉੱਚੀ ਉੱਚੀ ਨਾਰਿਆ ਤੇ ਸੋਸ਼ਲ ਮੀਡੀਆ ਤੇ ਇਹਨਾਂ ਦਾ ਟ੍ਰੋਲ ਹੋਣਾ ਸਾਨੂੰ ਸਾਫ਼ ਸਾਫ਼ ਇਹਦੇ ‘ਤੇ ਭਾਰਤੀ ਰੰਗਤ ਦਿਖਾਉਂਦਾ ਹੈ । ਸੋਚਣ ਤੇ ਵਿਚਾਰਣ ਦਾ ਮਸਲਾ ਹੈ ਕਿ ਭਾਰਤ ਵਰਗੇ ਮੁਲਕ ‘ਤੇ ਪੰਜਾਬ ਵਰਗੇ ਪ੍ਰਾਂਤ ਵਿੱਚ ਜਿੱਥੇ ਪਹਿਲਾ ਹੀ ਕਿੰਨੇ ਧਰਮਾਂ ਦਾ ਪ੍ਰਭਾਵ ਹੈ, ਉੱਥੇ ਆਪਣੀ ਜਗ੍ਹਾਂ ਬਣਾਉਣੀ ਇਹ ਸਿਰਫ਼ ਤੇ ਸਿਰਫ਼ ਐਤਵਾਰ ਦੀਆਂ ਪ੍ਰਾਥਨਾਵਾਂ ਦਾ ਕਮਾਲ ਨਹੀ ਹੈ। ਮਨੁੱਖੀ ਮਨ ਵਿੱਚ ਪੱਕ ਚੁੱਕੇ ਸੰਕਲਪ ਨੂੰ ਤੋੜਨਾ ‘ਤੇ ਫੇਰ ਨਵਾਂ ਸੰਕਲਪ ਸਥਾਪਤ ਕਰਨਾ ਆਪਣੇ ਆਪ ‘ਚ ਹੀ ਵੱਡੀ ਗੱਲ ਹੈ। ਇਸ ਲਈ ਮਸ਼ੀਨਰੀਆਂ ਨੇ ਭਾਰਤ ਦੀ ਦੁੱਖਦੀ ਰਗ ਤੇ ਹੱਥ ਰੱਖਿਆ ਹੈ।  ਜਾਤ ਪਾਤ ਕਾਰਨ ਪੀੜਤ ਹੇਠਲੇ ਵਰਗ ਨੂੰ ਬਰਾਬਰਤਾ ‘ਤੇ ਪੈਸਿਆਂ ਦੀ ਨੀਤੀ ਨਾਲ ਆਪਣੇ ਵੱਲ ਕੀਤਾ। ਇਸ ਤੋਂ ਬਿੰਨਾ ਮਸ਼ੀਨਰੀਆਂ ਦੇ ਕਾਲਜ ਹਸਪਤਾਲ ਤੇ ਆਪਣੇ ਧਰਮ ਦੇ ਬੱਚਿਆਂ ਨੂੰ ਇਹਨਾਂ ਵਿੱਚ ਮਿਲਦੀ ਫੀਸ ਦੀ ਛੂਟ, ਇਲਾਜ਼ ਵਿੱਚ ਰਿਆਇਤ ਲੋਕਾਂ ਨੂੰ ਦੂਜੇ ਧਰਮਾਂ ਤੋਂ ਲਾਹੇ ਦਾ ਸੌਦਾ ਜਾਪਿਆ। ਇਸ ਤੋਂ ਇਲਾਵਾ ਹੇਠਲੇ ਵਰਗ ਵਿੱਚ ਵਿੱਦਿਆ ਦੀ ਘਾਟ ਕਰਕੇ ਫੈਲੇ ਬੇਤੁੱਕੇ ਵਹਿਮ ਭਰਮ ਵੀ ਇਸਾਈ ਮੱਤ ਨੇ ਪ੍ਰਚਾਰ ਨਾਲ ਖ਼ਤਮ ਕੀਤੇ, ਸਿਆਣਿਆ ਦੇ ਚੱਕਰਾਂ ਚ ਚੌਂਕੀਆ ਭਰਦੀਆਂ ਤੇ ਜਾਲ ‘ਚ ਫੱਸੀਆ ਬੀਬੀਆਂ ਚਰਚ ਨੂੰ ਹੀ ਸਭ ਮੰਨ ਕੇ ਐਤਵਾਰ ਦੇ ਐਤਵਾਰ ਬੰਦਗੀ ਕਰਨ ਲੱਗੀਆ ਹਨ । ਦੂਜੇ ਧਰਮਾ ਵਿੱਚ ਜਿੱਥੇ ਹੇਠਲੇ ਵਰਗ ਨੂੰ ਹਮੇਸ਼ਾ ਕੰਨੀ ‘ਤੇ ਰੱਖਿਆ ਗਿਆ ਉਥੇ ਇਹਨਾਂ ਮਸੀਨਰੀਆ ਨੇ ਉਹਨਾਂ ਨੂੰ ਸੈਂਟਰਲ ਪਲੇਅਰ ਦੇ ਤੌਰ ਤੇ ਪੇਸ਼ ਕੀਤਾ । 

ਇਸ ਵਿੱਚ ਕੋਈ ਸ਼ੱਕ ਨਹੀ ਕਿ ਪੰਜਾਬ ਵਿੱਚ ਇਹਨਾਂ ਦੀ ਵੱਧ ਦੀ ਆਬਾਦੀ ਸਿੱਖ ਧਰਮ ਨੂੰ ਢਾਅ ਲਾਉਂਦੀ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਇਹ ਕਾਰਜ ਨਿਰੰਤਰ ਚੱਲ ਰਿਹਾ ਹੈ।  ਇਸ ਦੀ ਰਫ਼ਤਾਰ ਬੇਸ਼ੱਕ ਕਦੇ ਮੱਧਮ , ਤੇਜ਼ ‘ਤੇ ਧੀਮੀ ਹੋ ਜਾਂਦੀ ਹੈ , ਸਮੱਸਿਆ ਨੂੰ ਸਮੱਸਿਆ ਦੱਸਣ ਨਾਲ ਕੋਈ ਹੱਲ ਨਹੀ ਕੀਤਾ ਜਾ ਸਕਦਾ, ਸਿੱਖ ਜਥੇਬੰਦੀਆ ਦਾ ਕੰਮ ਤਾਂ ਅਸੀ ਜਾਣਦੇ ਹੀ ਆ, ਮੈਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਪੰਜਾਬੀ ਜਿਨ੍ਹਾਂ ਦਾ ਸਰਮਾਇਆ ਉਸ ਵਾਹਿਗੁਰੂ ਦੀ ਬਖਸ਼ਿਸ ਸਦਕਾ ਚੰਗਾ ਹੈ ਤੇ ਆਪਣੇ ਧਰਮ ਤੇ ਕੌਮ ਪ੍ਰਤੀ ਸੱਚੀਓ ਸੁਚੇਤ ਹਨ।  ਉਹ ਆਪਣੇ ਕੁੱਝ ਬਾਹਰ ਬੈਠੇ ਪੰਜਾਬੀਆਂ ਨਾਲ ਮਿਲਕੇ ਸਿਰਫ਼ ਆਪਣੇ-ਆਪਣੇ ਪਿੰਡ ਦਾ ਬੀੜਾ ਚੁੱਕਣ ਤਾਂ ਇਹ ਧਰਮ ਪਰਿਵਰਤਨ ਨੂੰ ਯਕੀਨੀ ਠੱਲ੍ਹ ਪਾਈ ਜਾ ਸਕਦੀ ਹੈ।  ਪਿੰਡਾਂ ਵਿੱਚ ਲੋੜਵੰਦਾਂ ਦੀ ਮਦਦ ਲਈ ਇੱਕ ਸਿਸਟੇਮੈਟਿਕ ਕਮੇਟੀ ਕੰਮ ਕਰੇ ਜੋ ਹਰ ਲੋਕ ਮੁਸ਼ਕਿਲ ਨੂੰ ਨਿਹਾਰੇ ਤੇ ਹੱਲ ਕਰੇ, ਸਿੱਖ ਧਰਮ ਵਿੱਚ ਜਿੰਨੀ ਸਰਲਤਾ ਤੇ ਸਪੱਸ਼ਟਤਾ ਗੁਰੂ ਨਾਨਕ ਨੇ ਰੱਖੀ ਸੀ ਅਸੀਂ ਕੋਸ਼ਿਸ਼ ਕਰੀਏ ,ਉਨ੍ਹੀ ਨੂੰ ਅੱਗੇ ਤੋਰਿਆ ਜਾਵੇ, ਸਿੱਖੀ ਵਿੱਚ ਨਿਮਰਤਾ ਦੇ ਗੁਣ ਨੂੰ ਸਮਝਿਆ ਜਾਵੇ ।

ਬਾਹਰ ਬੈਠੇ ਸਿੱਖ ਤਾਂ ਬਰਾਬਰਤਾ ਦੇ ਗੁਣ ਨੂੰ ਚੰਗੀ ਤਰ੍ਹਾ ਸਮਝਦੇ ਹਨ, ਉਹ ਤਾਂ ਇੱਕ ਚੰਗੇ ਜੀਵਨ ਦਾ ਅਹਿਸਾਸ ਜਾਣਦੇ ਹਨ, ਉਹਨਾਂ ਨੂੰ ਚਾਹੀਦਾ ਹੈ, ਪਿੰਡਾਂ ਵਿੱਚ ਦੂਸਰੇ ਸਾਥੀਆਂ ਨੂੰ ਨਾਲ ਲੈਕੇ ਇੱਕ ਧਰਮ ਸੁਖਾਵਾਂ ਮਾਹੌਲ ਸਿਰਜਿਆ ਜਾ ਸਕੇ ਤਾਂ ਜੋ ਸਿੱਖੀ ਦੇ ਪ੍ਰਚਾਰ ਨੂੰ ਮੁੜ ਗਤੀਵਾਨ ਕੀਤਾ ਜਾਵੇ। ਪੰਜਾਬ ਵਿੱਚ ਖ਼ਾਸ ਕਰ ਹੇਠਲੇ ਵਰਗ ਨੂੰ ਸਿੱਖੀ ਵਿੱਚ ਉਹਨਾਂ ਦੀ ਮਹੱਤਤਾ ਤੇ ਗੁਰੂ ਸਾਹਿਬਾਨਾਂ ਦਾ ਉਹਨਾਂ ਨੂੰ ਹਮੇਸ਼ਾ ਹੀ ਆਪਣੇ ਲੈਕੇ ਚੱਲਣ ਦੇ ਸੰਕਲਪ ਨੂੰ ਬਰੀਕੀ ਨਾਲ ਸਮਝਾਇਆ ਜਾਵੇਂ। ਭਾਈ ਜੈਤੇ ਉਰਫ਼ ਜੀਵਨ ਸਿੰਘ ਵਰਗੇ ਸਿੱਖ ਜਰਨੈਲਾਂ ਦੀਆਂ ਪਰਿਵਾਰਕ ਸ਼ਹੀਦੀਆਂ ਤੇ ਸਿੱਖੀ ਵਿੱਚ ਉਹਨਾਂ ਦੀ ਥਾਂ ਨੂੰ ਹੋਰ ਪ੍ਰਚਾਰਿਆ ਜਾਵੇ। ਕਿਸੇ ਨੂੰ ਜੋੜਨ ਲਈ ਆਵਦੇ ਹੰਕਾਰ ਨੂੰ ਘਰ ਛੱਡਣਾ ਪੈਂਦਾ ਹੈ, ਸਿੱਖ ਧਰਮ ਜੋੜਨ ਦਾ ਸਿਧਾਂਤ ਦਿੰਦਾ ਹੈ ਤੋੜਨ ਦਾ ਨਹੀਂ ।

ਇੱਥੇ ਗੱਲ ਸਿਰਫ਼ ਇੱਕ ਧਰਮ ਦੀ ਨਹੀਂ ਹਰ ਕਿਸੇ ਨੂੰ ਆਪਣਾ ਧਰਮ ਚੁਣਨ ਦਾ ਹੱਕ ਹੈ।  ਬੇਸ਼ੱਕ ਭਾਰਤ ਇੱਕ ਸੈਕੂਲਰ ਮੁਲਕ ਹੋਵੇ ਪਰ ਜਦੋਂ ਕੋਈ ਧਿਰ ਤੁਹਾਨੂੰ ਸਿਰਫ਼ ਕੁਛ ਲਾਲਚਾਂ ਤੇ ਜੀਵਨ ਨੂੰ ਬਦਲ ਦੇਣ ਦੇ ਦਾਅਵਿਆਂ ਨਾਲ ਤੁਹਾਡੀ ਹੋਂਦ ਨਾਲੋਂ ਤੋੜੇ ਉਹ ਗੱਲ ਕਿਸੇ ਪੱਖ ਤੇ ਵੀ ਜਾਇਜ਼ ਸਾਬਿਤ ਨਹੀਂ ਹੁੰਦੀ। ਇੱਥੇ ਮਸਲਾ ਸਾਡੇ ਅਸਤਿਤਵ ਤੇ ਹੋਂਦ ਦਾ ਹੈ। ਦੂਜੇ ਮੁਲਕਾਂ ਤੋਂ ਆਏ ਇਸ ਧਰਮ ਨੇ ਸਾਡੀ ਸੱਭਿਆਚਾਰਕ ਪਹਿਚਾਣ ਤੇ ਵਿਰਾਸਤ ਨੂੰ ਝੰਜੋੜਿਆਂ ਅਤੇ ਸਾਡੀ ਬੋਲੀ ਨੂੰ ਢਾਹ ਲਾਈ ਹੈ । ਸਾਡੀ ਜ਼ਿੰਮੇਵਾਰੀ ਹੈ ਕਿ ਘੱਟੋ-ਘੱਟ ਇਸ ਬੇਬੁਨਿਆਦ ਤੇ ਬੇਤੁਕੇ ਹੁੰਦੇ ਪਰਿਵਰਤਨ ਨੂੰ ਤਾਂ ਠੱਲ੍ਹ ਪਾਈ ਜਾਵੇ । ਸਿੱਖ ਧਰਮ ਹਮੇਸ਼ਾ ਹੀ ਜੁਝਾਰੂ ਰਿਹਾ ਹੈ ਤੇ ਮੈਨੂੰ ਆਸ ਹੈ, ਇੱਕ ਵਾਰ ਫਿਰ ਅਸੀਂ ਸਿੱਖੀ ਲਹਿਰ ਨੂੰ ਪ੍ਰਵਾਹ ਦਿਆਂਗੇ। ਮੈਂ ਇੱਕ ਘਟਨਾ ਦੱਸਕੇ ਅੰਤ ਕਰਾਂਗਾ, ਜਦੋ ਇਸਾਈ ਮਸ਼ੀਨਰੀਆਂ ਦੇ ਪ੍ਰਭਾਵ ਹੇਠ ਆਕੇ ਅੰਮ੍ਰਿਤਸਰ ਦੇ ਕਈ ਸਿੱਖ ਵਿਦਿਆਰਥੀਆਂ ਨੇ ਧਰਮ ਪਰਿਵਰਤਨ ਕਰ ਲਿਆ ਤਾਂ ਭਾਈ ਵੀਰ ਸਿੰਘ ਹੁਣਾ ਇਕੱਲਿਆਂ ਨੇ ਹੀ ਸਾਹਿਤ ਰਾਹੀਂ ਮੁੜ ਸਿੱਖੀ ਲਹਿਰ ਤੋਰੀ ਸੀ ਹਾਲਾਂਕਿ ਓਦੋ ਮੁਲਕ ਵੀ ਇਹਨਾਂ ਦਾ ਗੁਲਾਮ ਸੀ ,ਹੁਣ ਤਾਂ ਅਸੀ ਕੁਝ ਹੱਦ ਤੱਕ ਆਜ਼ਾਦ ਹਾਂ, ਸਿੱਖੀ ਵਿੱਚ ਤਾਂ ਇੱਕ ਹੀ ਸਵਾ ਲੱਖ ਹੁੰਦਾ ਹੈ।

Author

  • daya

    Assistant Professor in Punjabi Literature, Dev Samaj College for Women, Ferozepur

Leave a Comment

Your email address will not be published. Required fields are marked *