ਬਗਦਾਦ, 9ਵੀਂ ਸਦੀ: ਦਜਲਾ ਨਦੀ ਦੇ ਕੰਢੇ ਸਥਿਤ “ਬੈਤ-ਉਲ-ਹਿਕਮਾ” (ਹਿਕਮਤ ਦਾ ਘਰ) ਨਾਂ ਦੀ ਇੱਕ ਸੰਸਥਾ ਨੇ ਅੱਬਾਸੀ ਸਲਤਨਤ ਦੇ ਦੌਰ ਵਿੱਚ ਵਿਸ਼ਵ ਭਰ ਦੇ ਗਿਆਨ ਨੂੰ ਇਕੱਠਾ ਕਰਕੇ ਇਸਲਾਮੀ ਸੱਭਿਅਤਾ ਨੂੰ ਆਪਣੇ ਸਮੇਂ ਦੀ ਸਭ ਤੋਂ ਵੱਡੀ ਬੌਧਿਕ ਤੇ ਵਿਗਿਆਨਕ ਤਾਕਤ ਬਣਾ ਦਿੱਤਾ। ਇਤਿਹਾਸਕਾਰਾਂ ਅਨੁਸਾਰ, ਇਸ ਇੱਕ ਸੰਸਥਾ ਦਾ ਅਸਰ ਸਦੀਆਂ ਤੱਕ ਦੁਨੀਆ ਭਰ ਦੇ ਵਿਗਿਆਨ, ਦਵਾਈ ਤੇ ਦਰਸ਼ਨ ‘ਤੇ ਪੈਂਦਾ ਰਿਹਾ।
ਰਿਕਾਰਡਾਂ ਅਨੁਸਾਰ, ਬੈਤ-ਉਲ-ਹਿਕਮਾ ਦੀ ਸ਼ੁਰੂਆਤ ਖ਼ਲੀਫ਼ਾ ਹਾਰੂਨ ਅਲ-ਰਸ਼ੀਦ ਦੇ ਸਮੇਂ ਇੱਕ ਛੋਟੇ ਸ਼ਾਹੀ ਭੰਡਾਰ ਵਜੋਂ ਹੋਈ ਸੀ। ਇਸ ਦਾ ਪੂਰਾ ਵਿਸਥਾਰ ਉਸ ਦੇ ਪੁੱਤਰ ਖ਼ਲੀਫ਼ਾ ਅਲ-ਮਾਮੂਨ ਦੇ ਰਾਜ (813-833 ਈ.) ਦੌਰਾਨ ਹੋਇਆ। ਅਲ-ਮਾਮੂਨ ਨੇ ਯੂਨਾਨ, ਭਾਰਤ, ਫ਼ਾਰਸ ਅਤੇ ਸੀਰੀਆ ਤੋਂ ਦੁਰਲੱਭ ਹੱਥ-ਲਿਖਤਾਂ ਮੰਗਵਾਉਣ ਦਾ ਹੁਕਮ ਦਿੱਤਾ। ਇਤਿਹਾਸਕਾਰਾਂ ਮੁਤਾਬਕ ਕਈ ਵਾਰ ਇਹ ਕਿਤਾਬਾਂ ਸੋਨੇ ਦੇ ਭਾਰ ਬਰਾਬਰ ਕੀਮਤ ‘ਤੇ ਖ਼ਰੀਦੀਆਂ ਗਈਆਂ।ਬੈਤ-ਉਲ-ਹਿਕਮਾ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ “ਅਨੁਵਾਦ ਲਹਿਰ” (Translation Movement)। ਇੱਥੇ ਮੁਸਲਿਮ, ਈਸਾਈ ਤੇ ਯਹੂਦੀ ਵਿਦਵਾਨਾਂ ਨੇ ਮਿਲ ਕੇ ਕੰਮ ਕੀਤਾ। ਹੁਨੈਨ ਇਬਨ ਇਸਹਾਕ ਵਰਗੇ ਵਿਦਵਾਨਾਂ ਨੇ Aristotle, Plato, Galen ਅਤੇ Ptolemy ਦੀਆਂ ਰਚਨਾਵਾਂ ਨੂੰ ਯੂਨਾਨੀ ਤੇ ਸੀਰੀਆਈ ਤੋਂ ਅਰਬੀ ਵਿੱਚ ਅਨੁਵਾਦ ਕੀਤਾ। ਨਾਲ ਹੀ ਭਾਰਤੀ ਗਣਿਤ ਤੇ ਖਗੋਲ ਵਿਗਿਆਨ ਦੇ ਗ੍ਰੰਥ ਵੀ ਅਰਬੀ ਵਿੱਚ ਢਾਲੇ ਗਏ। ਸਿੱਟੇ ਵਜੋਂ, ਸਦੀਆਂ ਤੋਂ ਖਿੰਡਿਆ-ਪੁੰਡਿਆ ਗਿਆਨ ਇੱਕ ਥਾਂ ਇਕੱਠਾ ਹੋ ਕੇ ਮੁੜ ਜਿਊਂਦਾ ਹੋਇਆ।
ਬੈਤ-ਉਲ-ਹਿਕਮਾ ਸਿਰਫ਼ ਪੁਰਾਣੇ ਗਿਆਨ ਨੂੰ ਸਾਂਭਣ ਤੱਕ ਸੀਮਤ ਨਹੀਂ ਰਹੀ ਸਗੋਂ ਇਹ ਮੌਲਿਕ ਖੋਜ ਦਾ ਵੀ ਕੇਂਦਰ ਬਣੀ। ਇੱਥੇ ਕੰਮ ਕਰਨ ਵਾਲੇ ਮੁਹੰਮਦ ਇਬਨ ਮੂਸਾ ਅਲ-ਖ਼ਵਾਰਿਜ਼ਮੀ ਨੇ ਅਲਜਬਰਾ (ਬੀਜਗਣਿਤ) ਦੀ ਨੀਂਹ ਰੱਖੀ “ਅਲਜਬਰਾ” ਸ਼ਬਦ ਉਸ ਦੀ ਕਿਤਾਬ ਦੇ ਨਾਂ ਤੋਂ ਅਤੇ “ਐਲਗੋਰਿਦਮ” ਸ਼ਬਦ ਖ਼ੁਦ ਉਸ ਦੇ ਨਾਂ ਤੋਂ ਆਇਆ ਹੈ। ਦਾਰਸ਼ਨਿਕ ਅਲ-ਕਿੰਦੀ ਨੇ ਵੀ ਇੱਥੇ ਕੰਮ ਕੀਤਾ। ਖਗੋਲ ਵਿਗਿਆਨੀਆਂ ਨੇ ਧਰਤੀ ਦੇ ਘੇਰੇ ਨੂੰ ਸ਼ੁੱਧਤਾ ਨਾਲ ਮਾਪਿਆ, ਜਦਕਿ ਹਕੀਮਾਂ ਨੇ ਅਜਿਹੇ ਡਾਕਟਰੀ ਗ੍ਰੰਥ ਲਿਖੇ ਜੋ ਸਦੀਆਂ ਤੱਕ ਯੂਰਪ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਏ ਜਾਂਦੇ ਰਹੇ।
ਦਾਰਸ਼ਨਿਕ
• ਅਲ-ਫ਼ਾਰਾਬੀ – “ਦੂਜਾ ਗੁਰੂ” (Aristotle ਤੋਂ ਬਾਅਦ) ਕਹਾਏ ਗਏ। ਯੂਨਾਨੀ ਤਰਕ-ਸ਼ਾਸਤਰ ਤੇ ਰਾਜਨੀਤਿਕ ਦਰਸ਼ਨ ਨੂੰ ਇਸਲਾਮੀ ਵਿਚਾਰਧਾਰਾ ਨਾਲ ਜੋੜਿਆ।
• ਇਬਨ ਰੁਸ਼ਦ (Averroes) -Aristotle ਦੀਆਂ ਰਚਨਾਵਾਂ ‘ਤੇ ਟਿੱਪਣੀਆਂ ਲਿਖੀਆਂ, ਜੋ ਯੂਰਪੀ ਯੂਨੀਵਰਸਿਟੀਆਂ ਵਿੱਚ ਪੜ੍ਹਾਈਆਂ ਗਈਆਂ।
• ਇਬਨ ਖ਼ਲਦੂਨ -ਸਮਾਜ ਸ਼ਾਸਤਰ (Sociology) ਤੇ ਇਤਿਹਾਸ-ਲੇਖਣ ਦੇ ਮੋਢੀ। ਰਚਨਾ ਮੁਕੱਦਮਾ ਵਿੱਚ ਸੱਭਿਅਤਾਵਾਂ ਦੇ ਉਭਾਰ-ਪਤਨ ਦੇ ਸਿਧਾਂਤ ਦਿੱਤੇ।
ਹਕੀਮ
• ਇਬਨ ਸੀਨਾ (Avicenna) – ਕਿਤਾਬ ਅਲ-ਕਾਨੂਨ ਫ਼ੀ ਅਲ-ਤਿੱਬ ਸੱਤ ਸੌ ਸਾਲਾਂ ਤੱਕ ਯੂਰਪ ਤੇ ਇਸਲਾਮੀ ਦੁਨੀਆ ਦੀਆਂ ਮੈਡੀਕਲ ਯੂਨੀਵਰਸਿਟੀਆਂ ਦੀ ਮੁੱਖ ਪਾਠ ਪੁਸਤਕ ਰਹੀ।
• ਅਲ-ਰਾਜ਼ੀ (Rhazes) -ਚੇਚਕ ਤੇ ਖਸਰੇ ਵਿੱਚ ਫ਼ਰਕ ਪਛਾਣਨ ਵਾਲੇ ਪਹਿਲੇ ਡਾਕਟਰ।
• ਅਲ-ਜ਼ਹਰਾਵੀ (Abulcasis) -“ਸਰਜਰੀ ਦੇ ਪਿਤਾਮਾ”, 200 ਤੋਂ ਵੱਧ ਸਰਜੀਕਲ ਔਜ਼ਾਰਾਂ ਦੇ ਖੋਜਕਾਰ।
ਵਿਗਿਆਨੀ ਤੇ ਇੰਜੀਨੀਅਰ
• ਅਲ-ਜਜ਼ਰੀ -ਪਾਣੀ ਨਾਲ ਚੱਲਣ ਵਾਲੀਆਂ ਘੜੀਆਂ ਤੇ ਸਵੈ-ਚਾਲਿਤ ਮਸ਼ੀਨਾਂ ਦੇ ਖੋਜਕਾਰ, ਜਿਨ੍ਹਾਂ ਨੂੰ ਆਧੁਨਿਕ ਰੋਬੋਟਿਕਸ ਦਾ ਮੁੱਢਲਾ ਰੂਪ ਮੰਨਿਆ ਜਾਂਦਾ ਹੈ।
• ਇਬਨ ਅਲ-ਹੈਥਮ – ਰੌਸ਼ਨੀ ਤੇ ਨਜ਼ਰ ‘ਤੇ ਪ੍ਰਯੋਗ-ਆਧਾਰਿਤ ਖੋਜ; ਆਧੁਨਿਕ ਵਿਗਿਆਨਕ ਵਿਧੀ (Scientific Method) ਦੇ ਮੋਢੀਆਂ ਵਿੱਚੋਂ।
• ਬਾਨੂ ਮੂਸਾ ਭਰਾ -ਕਿਤਾਬ ਕਿਤਾਬ ਅਲ-ਹਿਯਲ ਵਿੱਚ ਸੈਂਕੜੇ ਮਕੈਨੀਕਲ ਡਿਜ਼ਾਈਨ ਦਰਜ ਕੀਤੇ।
• ਅਲ-ਬਿਰੂਨੀ -ਖਗੋਲ ਵਿਗਿਆਨੀ, ਗਣਿਤ-ਸ਼ਾਸਤਰੀ ਤੇ ਇਤਿਹਾਸਕਾਰ। ਧਰਤੀ ਦਾ ਘੇਰਾ ਸ਼ੁੱਧਤਾ ਨਾਲ ਮਾਪਿਆ, ਕਿਤਾਬ-ਉਲ-ਹਿੰਦ ਲਿਖੀ, ਅਤੇ Copernicus ਤੋਂ ਸਦੀਆਂ ਪਹਿਲਾਂ ਧਰਤੀ ਦੇ ਧੁਰੇ ‘ਤੇ ਘੁੰਮਣ ਦੀ ਸੰਭਾਵਨਾ ਬਾਰੇ ਵਿਚਾਰ ਦਿੱਤੇ।
ਇਸਲਾਮੀ ਦੁਨੀਆ ਦੀ ਗਿਆਨ-ਭੁੱਖ ਦਾ ਅਸਰ ਬਗਦਾਦ ਤੋਂ ਬਾਹਰ ਸਪੇਨ ਦੇ ਸ਼ਹਿਰ ਕੋਰਦੋਬਾ ਤੱਕ ਵੀ ਪਹੁੰਚਿਆ, ਜਿੱਥੇ ਮਨੁੱਖ ਨੇ ਪਹਿਲੀ ਵਾਰ ਉਡਾਣ ਦੀ ਕੋਸ਼ਿਸ਼ ਕੀਤੀ।852 ਈ. ਵਿੱਚ ਆਰਮੇਨ ਫ਼ਿਰਮਾਨ ਨੇ ਲੱਕੜ ਦੇ ਢਾਂਚੇ ਵਾਲਾ ਇੱਕ ਭਾਰਾ ਚੋਗਾ ਪਹਿਨ ਕੇ ਕੋਰਦੋਬਾ ਦੀ ਮਹਾਨ ਮਸਜਿਦ ਦੇ ਮੀਨਾਰ ਤੋਂ ਛਾਲ ਮਾਰੀ। ਚੋਗੇ ਵਿੱਚ ਭਰੀ ਹਵਾ ਨੇ ਉਸ ਦੇ ਡਿੱਗਣ ਦੀ ਰਫ਼ਤਾਰ ਘਟਾਈ ਅਤੇ ਉਹ ਮਾਮੂਲੀ ਸੱਟਾਂ ਨਾਲ ਬਚ ਗਿਆ। ਇਤਿਹਾਸਕਾਰ ਇਸਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਪੈਰਾਸ਼ੂਟ-ਵਰਗੀ ਕੋਸ਼ਿਸ਼ਾਂ ਵਿੱਚੋਂ ਇੱਕ ਮੰਨਦੇ ਹਨ। 23 ਸਾਲ ਬਾਅਦ, 875 ਈ. ਵਿੱਚ ਵਿਗਿਆਨੀ ਅੱਬਾਸ ਇਬਨ ਫ਼ਿਰਨਾਸ ਨੇ ਰੇਸ਼ਮ ਤੇ ਲੱਕੜ ਦੇ ਢਾਂਚੇ ‘ਤੇ ਅਸਲੀ ਪੰਛੀ ਦੇ ਖੰਭ ਸਿਉਂ ਕੇ ਇੱਕ ਖੰਭਾਂ ਵਾਲੀ ਮਸ਼ੀਨ ਬਣਾਈ। 70 ਸਾਲ ਦੀ ਉਮਰ ਵਿੱਚ ਉਸਨੇ ਜਬਲ ਅਲ-ਅਰੂਸ ਦੀ ਪਹਾੜੀ ਤੋਂ ਛਾਲ ਮਾਰੀ ਅਤੇ ਲਗਭਗ ਦਸ ਮਿੰਟ ਹਵਾ ਵਿੱਚ ਗਲਾਈਡ ਕੀਤਾ, ਭਾਵੇਂ ਉਤਰਨ ਵੇਲੇ ਪਿੱਠ ਜ਼ਖ਼ਮੀ ਹੋ ਗਈ। ਇਤਿਹਾਸ ਵਿੱਚ ਇਸਨੂੰ ਦੁਨੀਆ ਦੀ ਪਹਿਲੀ ਦਰਜ ਗਲਾਈਡਰ ਉਡਾਣ ਮੰਨਿਆ ਜਾਂਦਾ ਹੈ — Wright Brothers ਤੋਂ ਲਗਭਗ 1000 ਸਾਲ ਪਹਿਲਾਂ। ਅੱਜ ਕੋਰਦੋਬਾ ਵਿੱਚ ਉਸ ਦੇ ਨਾਂ ‘ਤੇ ਇੱਕ ਪੁਲ ਅਤੇ ਚੰਦਰਮਾ ਦਾ ਇੱਕ ਖੱਡਾ ਵੀ ਹੈ। ਇਸ ਗਿਆਨ-ਭੰਡਾਰ ਨੇ ਹੀ ਇਸਲਾਮੀ ਸੱਭਿਅਤਾ ਦੀ ਤਾਕਤ ਦਾ ਆਧਾਰ ਬਣਾਇਆ।
ਜਦੋਂ ਯੂਰਪ “ਹਨੇਰੇ ਯੁੱਗ” ਵਿੱਚੋਂ ਲੰਘ ਰਿਹਾ ਸੀ, ਬਗਦਾਦ, ਕਾਹਿਰਾ ਤੇ ਕੋਰਦੋਬਾ ਵਿਗਿਆਨ, ਦਵਾਈ, ਖਗੋਲ ਵਿਗਿਆਨ ਤੇ ਗਣਿਤ ਦੇ ਵਿਸ਼ਵ ਕੇਂਦਰ ਬਣ ਚੁੱਕੇ ਸਨ। ਇਸ ਗਿਆਨ ਨੇ ਇਸਲਾਮੀ ਦੁਨੀਆ ਦੀ ਆਰਥਿਕਤਾ ਤੇ ਸ਼ਾਸਨ ਵਿਵਸਥਾ ਮਜ਼ਬੂਤ ਕੀਤੀ, ਅਤੇ ਬਾਅਦ ਵਿੱਚ ਸਪੇਨ ਤੇ ਸਿਸਲੀ ਰਾਹੀਂ ਯੂਰਪ ਤੱਕ ਪਹੁੰਚ ਕੇ ਪੁਨਰ-ਜਾਗਰਣ (Renaissance) ਦੀ ਨੀਂਹ ਬਣਿਆ। 1258 ਈ. ਵਿੱਚ ਮੰਗੋਲਾਂ ਦੇ ਬਗਦਾਦ ਹਮਲੇ ਦੌਰਾਨ ਬੈਤ-ਉਲ-ਹਿਕਮਾ ਤਬਾਹ ਹੋ ਗਈ। ਕਿਹਾ ਜਾਂਦਾ ਹੈ ਕਿ ਏਨੀਆਂ ਕਿਤਾਬਾਂ ਦਜਲਾ ਨਦੀ ਵਿੱਚ ਸੁੱਟੀਆਂ ਗਈਆਂ ਕਿ ਨਦੀ ਦਾ ਪਾਣੀ ਕਈ ਦਿਨ ਸਿਆਹੀ ਨਾਲ ਕਾਲਾ ਵਗਦਾ ਰਿਹਾ। ਫਿਰ ਵੀ, ਜੋ ਗਿਆਨ ਦੁਨੀਆ ਭਰ ਵਿੱਚ ਫੈਲ ਚੁੱਕਾ ਸੀ, ਉਹ ਕਦੇ ਨਾ ਮਿਟਿਆ।
ਬੈਤ-ਉਲ-ਹਿਕਮਾ ਦੀ ਕਹਾਣੀ ਇੱਕ ਸਵਾਲ ਵੀ ਖੜ੍ਹਾ ਕਰਦੀ ਹੈ। ਕੀ ਪੰਜਾਬ ਵੀ ਇਸੇ ਰਾਹ ‘ਤੇ ਤੁਰ ਸਕਦਾ ਹੈ? ਜੇ ਸੂਬਾ ਸਰਕਾਰ ਇੱਕ ਮਜ਼ਬੂਤ ਲਾਇਬ੍ਰੇਰੀ ਐਕਟ ਪਾਸ ਕਰਕੇ ਪਿੰਡ-ਪਿੰਡ, ਕਸਬਾ-ਕਸਬਾ ਪਬਲਿਕ ਲਾਇਬ੍ਰੇਰੀਆਂ ਖੋਲ੍ਹੇ, ਤਾਂ ਇਹ ਕਦਮ ਗਿਆਨ ਤੱਕ ਪਹੁੰਚ ਨੂੰ ਓਵੇਂ ਹੀ ਲੋਕਤੰਤਰੀ ਬਣਾ ਸਕਦਾ ਹੈ ਜਿਵੇਂ ਬਗਦਾਦ ਨੇ ਸਦੀਆਂ ਪਹਿਲਾਂ ਕੀਤਾ ਸੀ। ਇਤਿਹਾਸ ਗਵਾਹ ਹੈ ਕਿ ਜਿਹੜੀਆਂ ਕੌਮਾਂ ਨੇ ਗਿਆਨ ਨੂੰ ਹਰ ਘਰ ਤੱਕ ਪਹੁੰਚਾਇਆ, ਉਹ ਹੀ ਦੁਨੀਆ ਦੀ ਅਗਵਾਈ ਕਰਨ ਦੇ ਯੋਗ ਬਣੀਆਂ। ਪੰਜਾਬ ਕੋਲ ਵੀ ਆਪਣੀ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ, ਖੋਜ ਤੇ ਨਵੀਂ ਸੋਚ ਨਾਲ ਜੋੜਨ ਦਾ ਬਹੁਤ ਚੰਗਾ ਤਰੀਕਾ ਹੈ। ਇਹ ਕਾਰਨ ਵਾਲਾ ਪੰਜਾਬ ਕੋਈ ਪਹਿਲਾ ਸੂਬਾ ਨਹੀਂ ਹੋਵੇਗਾ ਸਗੋਂ ਭਾਰਤ ਦੇ 19 ਸੂਬਿਆਂ ਨੇ ਉਹ ਐਕਟ ਪਾਸ ਕੀਤਾ ਹੋਇਆ ਹੈ। ਤਾਮਿਲ ਨਾਡੂ ਨੇ ਤਾਂ ਇਹ ਐਕਟ 1948 ਵਿਚ ਹੀ ਪਾਸ ਕਰ ਦਿੱਤਾ ਸੀ ਤੇ ਅੱਜ ਵੇਖੋ ਗਿਆਨ ,ਵਗਿਆਨ ,ਵਪਾਰ ਆਦਿ ਹਰ ਮਾਮਲੇ ਵਿੱਚ ਹਿੰਦੁਸਤਾਨ ਦਾ ਪਹਿਲੇ ਨੰਬਰ ਦਾ ਸੂਬਾ ਵੀ ਤਾਂ ਬਣ ਗਿਆ ਹੈ। ਪਤਾ ਨਹੀਂ ਪੰਜਾਬ ਸਰਕਾਰ ਕਦੋ ਜਾਗੇਗੀ ਇਹ ਐਕਟ ਪਾਸ ਕਰਕੇ ਪੰਜਾਬ ਨੂੰ ਗਿਆਨ ਦੇ ਰਾਹ ਉੱਤੇ ਤੋਰੇਗੀ।
